ਲਿਖ ਤੁਮ
ਭੂਪਿੰਦਰ,
ਪਿਆਰੇ ਪਾਠਕ ਜੀਉ,
ਮੇਰੀ "ਚੇਤਨਾ ਦੀ ਫ਼ਸਲ" ਤੇ ਫੇਰੀ ਪਾਉਣ ਲਈ ਆਪ ਦਾ ਦਿਲੋਂ ਧੰਨਵਾਦ
ਹੈ। ਇਹ ਇਕ ਸਾਹਿਤਕ ਵੈੱਬ
ਪਰਚਾ ਹੈ ਅਤੇ ਸਮਰਪਿਤ ਹੈ ਮਾਂ-ਬੋਲੀ ਪੰਜਾਬੀ ਭਾਸ਼ਾ ਨੂੰ। ਜੇ ਕਦੇ ਆਪ
ਦੀ ਨਜ਼ਰ ਇਸ ਬਲਾਗ ਉਪਰ ਪਵੇ ਤਾਂ ਜਾਂਦੇ-ਜਾਂਦੇ ਦੋ ਸ਼ਬਦ ਕਹਿਣਾ ਨਾ ਭੁੱਲਣਾ। ਮੈਂ ਸਮਝਾਂਗਾ ਕਿ
ਮੇਰੀ ਚੇਤਨਾ ਵਿਚ ਉੱਗਦੀ ਇਹ ਫ਼ਸਲ ਨੂੰ ਮੇਰੀ ਕਲਮ ਨੇ ਸਹੀ ਅਰਥਾਂ ਵਿਚ ਕਾਗਜ਼ ਤੇ ਉਤਾਰਿਆ ਹੈ।
ਮੇਰੀ ਨਜ਼ਰੇ ਮੇਰਾ ਇਹ ਬਲਾਗ ਲਿਖਣਾ ਇਕ ਕਿਤਾਬ ਲਿਖਣ ਵਾਂਗ ਹੀ ਹੈ। ਕੋਸ਼ਿਸ਼ ਕਰਾਂਗਾ ਕਿ ਲਿਖਦੇ-ਲਿਖਦੇ
ਮਾਂ-ਬੋਲੀ ਦੀਆਂ ਸਖ਼ਤ ਸੀਮਾਵਾਂ ਵਿਚ ਹੀ ਰਹਾਂ। ਮੇਰੇ ਕੁੱਲ ਗਿਆਨ ਨੂੰ ਨਜ਼ਰ ਵਿਚ ਰੱਖ ਕੇ
ਚਾਹੁੰਦਾ ਹਾਂ ਕਿ ਭੁੱਲ ਕੇ ਵੀ ਕੋਈ ਗੁਸਤਾਖ਼ੀ ਨਾ ਕਰਾਂ। ਖ਼ਾਸਕਰ ਵਾਕ-ਬਣਤਰ ਅਤੇ ਸ਼ਬਦ-ਜੋੜਾਂ ਦੇ
ਸੰਦਰਭ ਵਿਚ।
ਮੈਂ ਆਪਣੇ ਪਾਠਕਾਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਮੈਂ ਇਕ ਚੰਗਾ ਪਾਠਕ ਹਾਂ। ਸੋਹਣਾ ਅਤੇ ਉਤਮ ਲਿਖਣ ਵਾਲਿਆਂ ਦੀ ਦਿਲੋਂ ਕਦਰ ਕਰਦਾ ਹਾਂ। ਕਾਫੀ ਸਾਲ ਪਹਿਲਾਂ ਇਕ ਸਾਹਿਤਕ ਰਸਾਲੇ ਨਾਲ ਜੁੜਿਆ ਸੀ। ਬਸ, ਬੈਠ ਕੇ ਕਾਗਜ਼ ਉਪਰ ਕੁਝ ਝਰੀਟ ਲੈਣਾ, ਕੁਝ “ਲੀਕਾਂ” ਮਾਰ ਲੈਣੀਆਂ। ਮਨ ਵਿਚਲਾ ਚਾਅ ਪੂਰਾ ਕਰ ਲੈਣਾ। ਜਿਸ ਕਿਸਮ ਦੀ ਚੇਤਨਾ ਅਤੇ ਚਿੰਤਨ ਉਸ ਵਕਤ ਸੀ, ਅੱਜ ਵੀ ਉਹੋ ਹੀ ਹੈ। ਕੁਝ ਵੀ ਤਾਂ ਬਦਲਿਆ ਨਹੀਂ। ਬਸ, ਵਿਚਲਾ ਵਕਤ ਚਲਾ ਗਿਆ। ਕੁਝ ਇੰਟਰਨੈੱਟ ਤੇ ਛਪਦੇ ਪਰਚਿਆਂ ਨੇ ਮਨ ਨੂੰ ਹਲੂਣਾ ਦਿੱਤਾ ਅਤੇ ਲਗਨ ਫੇਰ ਜੁੜੀ ਹੈ।
ਇਸ ਪਾਸੇ ਬਹੁਤ ਉੱਦਮ ਹੋ ਰਿਹਾ ਹੈ। ਬਹੁਤ ਸਾਰੇ ਵਿਦਵਾਨ ਅਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਇਸ ਮਾਧਿਅਮ ਰਾਹੀਂ ਇਸ ਦੀ ਸੇਵਾ ਕਰ ਰਹੇ ਹਨ। ਬਹੁਤ ਪਰਚਿਆਂ ਤੇ ਝਾਤ ਮਾਰਨ ਉਪਰੰਤ ਪਤਾ ਚਲਦਾ ਹੈ ਕਿ ਬਹੁ-ਗਿਣਤੀ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਦੀ ਹੈ। ਸ਼ਾਇਦ ਇਹ ਨਵੇਂ ਯੁਗ ਦੀ ਇਸ ਨਵੀਂ ਤਕਨਾਲੋਜੀ ਦਾ ਅਸਰ ਹੈ। ਕਿਉਂਕਿ ਨਵੀਂ ਪੀੜ੍ਹੀ ਨੂੰ ਕੰਪਿਊਟਰ ਚਲਾਉਣ ਦਾ ਡਾਹਢਾ ਸ਼ੌਕ ਹੈ। ਸੰਭਵ ਹੈ, ਆਉਣ ਵਾਲੇ ਸਮੇਂ ਵਿਚ ਇਹ ਪੰਜਾਬੀ ਭਾਸ਼ਾ ਦੇ ਪਾਠਕ ਜੋੜਨ ਵਿਚ, ਜੋ ਅੱਜ ਤੱਕ ਇਸ ਭਾਸ਼ਾ ਦੀ ਇਕ ਵੱਡੀ ਸਮੱਸਿਆ ਰਹੀ ਹੈ, ਵੀ ਸਹਾਈ ਹੋ ਸਕਦਾ ਹੈ।
ਹੁਣ ਯੁਗ ਬਦਲ ਰਿਹਾ ਹੈ। ਜਿਥੇ ਸਮਾਜ ਦੇ ਬਹੁਤ ਸਾਰੇ ਹੋਰ ਮੁੱਲ ਜਾਂ ਕੀਮਤਾਂ ਬਦਲਾਅ ਦੇ ਦੌਰ (Transition State) ਵਿਚੋਂ ਗੁਜ਼ਰ ਰਹੇ ਹਨ ਉਥੇ ਸਾਹਿਤ ਦੇ ਖੇਤਰ ਵਿਚ ਵੀ ਇਕ ਨਵੀਂ ਕ੍ਰਾਂਤੀ ਆ ਰਹੀ ਹੈ। ਹੌਲੀ-ਹੌਲੀ ਕੰਪਿਊਟਰ ਦੇ ਜਾਣਕਾਰ ਲੇਖਕ ਵਰਗ ਲਈ ਲਿਖਣਾ ਹੋਰ ਵੀ ਸੌਖਾ ਹੁੰਦਾ ਜਾ ਰਿਹਾ। ਜਿੱਥੇ ਬੀਤੇ ਸਮੇਂ ਵਿਚ ਕਾਗਜ਼-ਕਲਮ ਦੀ ਲਿਖਤ ਵਿਚ ਲੇਖਕ ਨੂੰ ਆਪਣੀ ਲਿਖਤ ਲਿਖ ਕੇ ਉਸ ਨੂੰ ਸੋਧਣ (Proof Reading) ਲਈ ਵਾਧੂ ਸਮਾਂ ਖਰਚਣਾ ਅਤੇ ਅਣਲੋੜੀਂਦੀ ਮਿਹਨਤ ਕਰਨੀ ਪੈਂਦੀ ਸੀ, ਉਥੇ ਅੱਜ ਕੰਪਿਊਟਰ ਨੇ ਇਹ ਸਮੱਸਿਆ ਬਹੁਤ ਹੱਦ ਤੱਕ ਹੱਲ ਕਰ ਦਿੱਤੀ ਹੈ।
ਮਾਈਕਰੋ-ਸੌਫ਼ਟ ਕਾਰਪੋਰੇਸ਼ਨ ਨੇ ਇਸ ਖੇਤਰ ਵਿਚ ਇਕ ਵੱਡੀ ਦੇਣ ਦਿੱਤੀ ਹੈ। ਭਾਂਵੇ ਇਸ ਕੰਪਨੀ ਦੁਆਰਾ ਤਿਆਰ ਕੀਤੇ ਸਾਫ਼ਟਵੇਅਰ ਭਾਸ਼ਾਵਾਂ ਦੀ ਕਸੌਟੀ ਤੇ ਅਜੇ ਪੂਰੀ ਤਰਾਂ ਖਰੇ ਨਹੀਂ ਉਤਰਦੇ, ਪਰ ਇਹਨਾਂ ਵਿਚ ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਪ੍ਰਾਵਧਾਨ (Provisions) ਜ਼ਰੂਰ ਰੱਖ ਦਿੱਤੇ ਗਏ ਹਨ। ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਭਾਸ਼ਾ ਦੇ ਮਾਹਿਰਾਂ/ਵਿਦਵਾਨਾਂ ਦੀ ਸਹਾਇਤਾ ਨਾਲ ਇਸ ਵਿੱਚ ਪਰਿਪੂਰਨ ਹੋਇਆ ਜਾ ਸਕੇ। ਮਿਸਾਲ ਦੇ ਤੌਰ ਤੇ, ਜਦੋਂ ਤੁਸੀਂ ਮਾਈਕਰੋ-ਸੌਫ਼ਟ ਵਰਡ ਡਾਕੂਮੈਂਟ ਤੇ ਕੋਈ ਲਿਖਤ ਲਿਖਦੇ ਹੋ ਤਾਂ ਪਰੂਫਿੰਗ-ਟੂਹਲਜ਼ ਦੇ ਤਹਿਤ ਤੂਹਾਨੂੰ ਕਿਸੇ ਸ਼ਬਦ ਦੀ ਚੋਣ ਲਈ ਇਹ ਇਕ ਤੋਂ ਵੱਧ ਆਪਸ਼ਨਜ਼ (Options) ਮੁਹੱਈਆ ਕਰਾਉਂਦਾ ਹੈ। ਇਸ ਤਰਾਂ ਲੋੜੀਂਦੇ ਸ਼ਬਦ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਤੋਂ ਵੀ ਵੱਧ ਅਖੀਰ ਵਿਚ ਇਕ ਸ਼ਬਦਾਵਲੀ ਖਿੜਕੀ (Vocabulary Window) ਖੁੱਲਦੀ ਹੈ ਜਿਸ ਰਾਹੀਂ ਟਾਈਪ ਕੀਤੇ ਨਵੇਂ ਸ਼ਬਦ ਚੋਣ ਕਰਨ ਉਪਰੰਤ ਇਸ ਕੰਪਨੀ ਨੂੰ ਭੇਜੇ ਜਾ ਸਕਦੇ ਹਨ।
ਇਹ ਖ਼ਤ ਅਜੇ ਅਧੂਰਾ ਹੈ।
ਭੂਪਿੰਦਰ।
No comments:
Post a Comment