Friday, May 4, 2012

ਇੱਕ ਚਿੱਠੀ ਭੈਣ ਜੀ ਹਰਦੀਪ ਨੂੰ

ਪਿਆਰੇ ਭੈਣ ਜੀ
ਹਰਦੀਪ,

ਸਤਿ ਸ੍ਰੀ ਅਕਾਲ,

ਆਪਦਾ ਗੀਤ ਕੁੰਜੀਆਂ ਪੜਿਆ। ਬਹੁਤ ਵਧੀਆ ਲਿਖਿਆ ਤੁਸਾਂ। ਅਸਲ 'ਚ, ਇਹ ਗੀਤ ਇਕ ਧੀ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਰਦਾ ਹੈ। ਉਹ ਵੇਦਨਾ ਜੋ, ਉਸ ਨੂੰ ਆਉਦੇ ਜੀਵਨ ਵਿਚ ਮਹਾਨ ਬਣਾਉਂਦੀ ਹੈ। ਪਹਿਲਾਂ ਧੀ, ਫਿਰ ਪਤਨੀ ਅਤੇ ਫਿਰ ਮਾਂ। ਇਸ ਦੌਰਾਨ ਉਸ ਨੂੰ ਆਪਣੇ ਬਾਬਲ ਦਾ ਘਰ ਛੱਡ ਆਪਣੇ ਸਹੁਰੇ ਘਰ ਜਾਣਾ ਪੈਂਦਾ ਹੈ। ਡੋਲੀ ਤੋਰਨ ਤੋਂ ਬਾਦ ਲੋਕ ਇਕ ਮੁਹਾਵਰੇ "ਧੀਆਂ ਧੰਨ ਪਰਾਇਆ" ਕਹਿ ਕੇ ਉਸਦੇ ਪੇਕੇ ਪਰਿਵਾਰ ਵਾਲੇ ਜੀਵਨ ਨੂੰ ਡੰਡੀ ਲਾ ਦੇਂਦੇ ਹਨ।

ਕੁੰਜੀਆਂ…..
ਹਾਏ ਕਾਹਤੋਂ ਲੋਕੀਂ ਆਖਦੇ
ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ

ਏਨਾ ਸੌਖਾ ਤਾਂ ਨਹੀਂ।
ਅੱਗੇ ਉਸਨੂੰ ਇਕ ਨਵਾਂ ਪਰਿਵਾਰ, ਨਵਾਂ ਮਾਹੌਲ ਦੇਖਣ ਨੂੰ ਮਿਲਦਾ ਹੈ। ਏਥੇ ਉਸਨੂੰ ਅਨੇਕਾਂ ਹੀ ਸਮਾਜਿਕ, ਆਰਥਿਕ ਅਤੇ ਸਭ ਤੋਂ ਵੱਡੀ ਗੱਲ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਪੜ੍ਹ ਕੇ ਸ਼ਾਇਦ ਲੋਕ  ਕਹਿਣ,"ਇਹ ਕਿਹੜੀ ਨਵੀਂ ਗੱਲ ਹੈ। ਇਹ ਤਾਂ ਜਗ ਦੀ ਰੀਤ ਹੈ।" ਪਰ,

ਡੇਰਾ……
ਰੱਬ ਨੇ ਤਾਂ ਦੋ ਘਰ ਦਿੱਤੇ
ਲੋਕਾਂ ਇੱਕ ਵੀ ਨਾ ਮੰਨਿਆ ਮੇਰਾ…..ਹਾਏ   
  
ਇਸ ਕੁਰਬਾਨੀ, ਏਡੇ ਵੱਡੇ ਤਿਆਗ ਦਾ ਮੁੱਲ ਸਮਾਜ ਕੀ ਪਾਉਂਦਾ ਹੈ? ਲੋਕ ਕਹਿੰਦੇ ਹਨ, ਕੁਰਬਾਨੀਆਂ ਅਤੇ ਤਿਆਗ ਦੇ ਮੁੱਲ ਪੈਂਦੇ ਹਨ। ਇਹਨਾਂ ਨੂੰ ਲੋਕਾਈ
ਸਿਜਦਾ ਕਰਦੀ ਹੈ। ਪਰ ਕੀ ਏਥੇ ਇਹ ਸੱਚ ਹੈ? ਸ਼ਾਇਦ ਭੋਰਾ ਕੁ। ਉਂਜ ਤਾਂ ਦਹੇਜ ਖਾਤਿਰ ਕਿਤੇ ਤੇਲ ਪਾ ਕੇ ਸ਼ਾੜ ਦਿੱਤੀ ਜਾਂਦੀ, ਕਿਤੇ ਜ਼ਹਿਰ ਦੇ ਕੇ ਅਲਖ ਮੁਕਾ ਦਿੱਤੀ ਜਾਂਦੀ ਹੈ। ਕਿਤੇ ਕੁਲਟਾ, ਚਰਿਤਰਹੀਣ ਦਾ ਦਾਗ ਮੜ੍ਹ ਕੇ ਉਸ ਦੀ ਹੋਂਦ ਮੁਕਾ ਦਿੱਤੀ ਜਾਂਦੀ ਹੈ। ਜਾਂ ਫਿਰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ,

ਫੀਤਾ…..
ਜੰਮਣੋ ਪਹਿਲਾਂ ਮਾਰਨ ਵਾਸਤੇ
ਮੇਰੀ ਮਾਂ ਨੂੰ ਮਜਬੂਰ ਤੁਸੀਂ ਕੀਤਾ…..ਹਾਏ 

ਖ਼ੈਰ ਏਨਾ ਕੁਝ ਸਹਿਣ ਦੇ ਬਾਦ ਵੀ ਉਹ ਸਮਾਜ ਦੀ ਹੋਂਦ ਨੂੰ ਕਾਇਮ ਰੱਖਦੀ ਹੈ। ਉਹ ਜਗ-ਜਨਣੀ ਹੈ। ਉਹ ਰਾਜੇ-ਰਾਣਿਆਂ ਦੀ ਜਨਮ-ਦਾਤੀ ਹੈ। ਉਹ ਸ਼ਹਿਣਸ਼ੀਲਤਾ ਦੀ ਮੂਰਤ ਹੈ। ਉਹ ਧਰਤੀ ਹੈ। ਉਹ ਮਾਂ ਹੈ। ਠੰਡੀ ਛਾਂ ਹੈ। ਉਹ ਅਕਾਲਪੁਰਖ ਦੀ ਇਕ ਅਦੁੱਤੀ ਕਲਾ-ਕ੍ਰਿਤ ਹੈ।

ਮੈਂਨੂੰ ਠੀਕ ਤਰਾਂ ਯਾਦ ਨਹੀਂ, ਮੈਂ ਇਹ ਕਿਸੇ ਤੋਂ ਸੁਣਿਆਂ ਸੀ ਕਿ ਜੇ ਪ੍ਰਮਾਤਮਾਂ ਔਰਤ ਨੂੰ ਇਸ ਧਰਤੀ ਤੇ ਨਾ ਭੇਜਦਾ ਤਾਂ ਇਸ ਦੀ ਹੀ ਪੈਦਾ ਕੀਤੀ ਦੂਜੀ ਕ੍ਰਿਤ ਯਾਨੀ

ਮਰਦ ਆਪੋ ਵਿਚ ਲੜ-ਮਰ ਕੇ ਆਪਣੀ ਹੋਂਦ ਨੂੰ ਖ਼ਤਮ ਕਰ ਲੈਂਦਾ। ਇਹ ਸੱਚਾਈ ਸੋਲਾਂ ਆਨੇ ਸਹੀ ਹੈ।

--------------------------------------------
ਅੰਤ ਚ,
ਭੈਣ ਜੀ, ਮੈਂ ਆਪਦੀਆਂ ਬਹੁਤ ਰਚਨਾਂਵਾਂ ਪੜੀਆਂ ਹਨ। ਬਹੁਤ ਸੋਹਣਾ ਉਪਰਾਲਾ ਹੈ, ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਦਾ। ਪ੍ਰਸੰਸਾ ਕਰਦਾ ਹਾਂ।

ਭੁਪਿੰਦਰ।

No comments:

Post a Comment